Issue Details
ਗੁਰਮਤਿ ਪਰਿਪੇਖ ਅਤੇ ਅਧਿਆਤਮ ਵਿਚਾਰਧਾਰਾ
ਡਾ. ਗੁਰਜੀਤ ਸਿੰਘ
Page No. : 81-88
ABSTRACT
ਇਲਹਾਮ (Revelation) ਹਰ ਧਰਮ ਦਾ ਕਿਸੇ ਨਾ ਕਿਸੇ ਰੂਪ ਵਿੱਚ ਮੂਲ ਸੋਮਾ ਹੈ। ਸਿੱਖ ਧਰਮ ਵੀ ਇਕ ਇਲਹਾਮੀ ਧਰਮ ਹੈ। ਸਿੱਖ ਧਰਮ-ਦਰਸ਼ਨ ਵਿੱਚ ਇਲਹਾਮ ਦਾ ਮਾਧਿਅਮ ਸ਼ਬਦ ਹੈ ਅਤੇ ਸ਼ਬਦ ਨੂੰ “ਬਾਣੀ” ਕਿਹਾ ਗਿਆ ਹੈ। ਇਸ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਅਤੇ ਇਸ ਦਾ ਆਰੰਭ “ਵੇਈਂ ਨਦੀ ਪ੍ਰਵੇਸ਼” ਮੰਨਿਆ ਗਿਆ ਹੈ। ਸਿੱਖ ਧਰਮ ਵਿੱਚ ਇਲਹਾਮ ਦਾ ਵਿਚਾਰ ਪ੍ਰਚਲਿਤ ਧਰਮਾਂ ਨਾਲੋਂ ਵਿਲੱਖਣ ਹੈ। ਪਰਮਾਤਮਾ ਦੇ ਅਵਤਾਰ ਧਾਰਨ ਦੇ ਪਰੰਪਰਕ ਵਿਚਾਰ ਨੂੰ ਏਸੇ ਤਰ੍ਹਾਂ ਪਰਵਾਨ ਨਹੀਂ ਕੀਤਾ ਗਿਆ ਹੈ। ਗੁਰੂ ਆਪਣੇ ਆਪ ਨੂੰ ਰੱਬ ਦੇ ਅਵਤਾਰ ਹੋਣ ਦਾ ਦਾਅਵਾ ਨਹੀਂ ਕਰਦੇ, ਕਿਉਂਕਿ ਦੈਵੀ ਸਰੀਰਕਤਾ ਨੂੰ ਰੱਦ ਕੀਤਾ ਗਿਆ ਹੈ। ਇਸ ਥਾਂ ਤੇ ਬਾਣੀ ਵਿੱਚ ਸ਼ਾਮਲ ਗਿਆਨ ਨੂੰ ਵਾਹਿਗੁਰੂ ਵੱਲੋਂ ਬਖਸ਼ਿਆ ਹੋਇਆ ਇਲਹਾਮ ਮੰਨਿਆ ਗਿਆ ਹੈ। ਇਹੀ ਧੁਰੋਂ ਆਇਆ ਗਿਆਨ ਮੰਨਿਆ ਗਿਆ ਹੈ। ਇਸ ਦੇ ਬਹੁਤ ਸਾਰੇ ਸੰਕੇਤ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਹਨ। ਗੁਰੂ ਸਾਹਿਬਾਨ ਨੂੰ ਸਤਿ ਦਾ ਸਿੱਧਾ ਅਨੁਭਵ ਹੋਇਆ ਅਤੇ ਉਨ੍ਹਾਂ ਨੇ ਇਸ ਅਨੁਭਵ ਦਾ ਆਪਣੀ ਭਾਸ਼ਾ ਵਿੱਚ ਪ੍ਰਗਟਾਵਾ ਕੀਤਾ। ਪਰਮਾਤਮਾ ਨਾਲ ਮੇਲ ਤੋਂ ਗੁਰੂ ਸਾਹਿਬਾਨ ਨੂੰ ਜਿਸ ਸਤਿ ਦੀ ਪ੍ਰਾਪਤੀ ਹੋਈ, ਸ੍ਰੀ ਗੁਰੂ ਗ੍ਰੰਥ ਸਾਹਿਬ ਉਸ ਦਾ ਲਿਖਤੀ ਪ੍ਰਮਾਣ ਹੈ। ਗੁਰੂ ਸਾਹਿਬ ਅਨੁਸਾਰ ਵਾਹਿਗੁਰੂ ਆਪ ਬਾਣੀ ਅਤੇ ਕਦੀਮੀ ਸ਼ਬਦ ਦਾ ਸੋਮਾ ਹੈ। ਗੁਰਬਾਣੀ ਅਨੁਸਾਰ ਮਨੁੱਖ ਵਾਹਿਗੁਰੂ ਨਾਲ, ਉਸ ਦੇ ਨਾਮ ਰਾਹੀਂ, ਸਿੱਧਾ ਮੇਲ ਪ੍ਰਾਪਤ ਕਰ ਸਕਦਾ ਹੈ। ਗੁਰੂ ਇਸ ਵਾਸਤੇ ਸਮਰਥ ਮਾਧਿਅਮ ਮੰਨਿਆ ਹੋਇਆ ਹੈ। ਸੋ ਮਨੁੱਖ ਗੁਰੂ ਰਾਹੀਂ ਵਾਹਿਗੁਰੂ ਦੇ ਨਾਮ ਦਾ ਅਨੁਭਵ ਕਰ ਸਕਦਾ ਹੈ। ਗੁਰੂ ਸੱਚਾ ਅਤੇ ਪੂਰਨ ਗੁਰੂ ਹੋਣਾ ਚਾਹੀਦਾ ਹੈ, ਜਿਸ ਨੇ ਆਪ ਵਾਹਿਗੁਰੂ ਦਾ ਅਨੁਭਵ ਕੀਤਾ ਹੋਵੇ। ਉਹ ਲੋਕਾਂ ਦੀ ਅਗਵਾਈ ਕਰ ਸਕਦਾ ਅਤੇ ਉਨ੍ਹਾਂ ਨੂੰ ਇਕ ਤੇ ਕੇਵਲ ਇਕ ਪਰਮਾਤਮਾ ਦੀ ਭਗਤੀ ਕਰਨ ਦਾ ਰਾਹ ਦੱਸ ਸਕਦਾ ਹੋਵੇ। ਗੁਰੂ ਲੋਕਾਂ ਨੂੰ ਆਪਣੀ ਪੂਜਾ ਕਰਾਉਣ ਵੱਲ ਲਾਉਣ ਦੀ ਥਾਂ ਸਤਿ ਦੇ ਸ਼ਬਦ ਪ੍ਰਗਟਾਵੇ ਵਿੱਚ ਵਿਸ਼ਵਾਸ਼ ਨੂੰ ਦ੍ਰਿੜ ਕਰਵਾਉਣ ਵਾਲਾ ਚਾਹੀਦਾ ਹੈ। ਇਹੀ ਸ਼ਬਦ ਗੁਰੂ ਦਾ ਆਰੰਭ ਹੈ ਅਤੇ ਇਸ ਨਾਲ ਸਰੀਰੀ ਗੁਰੂ ਦੇ ਪ੍ਰਚਲਤ ਮਾਡਲ ਦਾ ਬਦਲ ਸਾਹਮਣੇ ਆ ਜਾਂਦਾ ਹੈ।
FULL TEXT